ਪਟਿਆਲਾ: 19 ਫਰਵਰੀ, 2015
ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸੋ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ ਗਿਆ ਮਾਤ-ਭਾਸ਼ਾ ਦਿਵਸ
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਮਾਤ-ਭਾਸ਼ਾ ਦਿਵਸ ਸੰਬੰਧੀ ਭਾਸ਼ਾ, ਵਿੱਦਿਆ ਅਤੇ ਵਿਕਾਸ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਦੌਰਾਨ ਬੋਲਦਿਆਂ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਹਰ ਬੱਚੇ ਨੂੰ ਅੱਠਵੀਂ ਜਮਾਤ ਤਕ ਦੀ ਮੁੱਢਲੀ, ਪੜ੍ਹਾਈ ਉਸ ਦੀ ਮਾਤਭਾਸ਼ਾ ਵਿਚ ਕਰਵਾਉਣੀ ਜ਼ਰੂਰੀ ਹੈ। ਜਿਸ ਵਿਦਿਆਰਥੀ ਨੂੰ ਮਾਤਭਾਸ਼ਾ ਵਿਚ ਚੰਗੀ ਮੁਹਾਰਤ ਹਾਸਲ ਹੈ, ਉਹ ਦੂਜੀਆਂ ਭਾਸ਼ਾਵਾਂ ਵੀ ਆਸਾਨੀ ਨਾਲ ਸਿੱਖ ਸਕਦਾ ਹੈ। ਫਰਾਂਸ, ਜਰਮਨੀ, ਜਪਾਨ, ਚੀਨ, ਸਵੀਡਨ, ਰੂਸ ਤੇ ਨਾਰਵੇ ਆਦਿ ਅਜਿਹੇ ਮੁਲਕ ਹਨ ਜਿਥੇ ਅੰਗਰੇਜ਼ੀ ਭਾਸ਼ਾ ਦੀ ਥਾਂ ਉਥੋਂ ਦੀਆਂ ਸਥਾਨਕ ਭਾਸ਼ਾਵਾਂ ਹੀ ਵਿਕਾਸ ਦਾ ਮਾਧਿਆਮ ਬਣੀਆਂ। ਪੋz. ਮਹਿਤਾ ਨੇ ਇਹ ਵੀ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਮਾਤ ਭਾਸ਼ਾ ਨੂੰ ਫਿਰਕੂ ਨਜ਼ਰੀਏ ਤੋਂ ਵੇਖਦਿਆਂ ਸ਼ਹਿਰੀ ਵੱਸੋਂ ਦੇ ਇਕ ਵਰਗ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਮਾਂ ਬੋਲੀ ਦਰਜ ਕਰਵਾਇਆ, ਪਰੰਤੂ ਬਾਅਦ ਵਿਚ ਇਸ ਸੋਚ ਵਿਚ ਉਸਾਰੂ ਤਬਦੀਲੀ ਆਈ ਤੇ 1981 ਵਿਚ 80 ਪ੍ਰਤੀਸ਼ਤ ਨੇ ਤੇ 2001 ਵਿਚ 91.4 ਪ੍ਰਤੀਸ਼ਤ ਪੰਜਾਬੀਆਂ ਨੇ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਮੰਨਿਆ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿੱਦਿਆ ਤੋਂ ਬਿਨਾਂ ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ ਤੇ ਵਿਦਿਆ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਸੰਸਾਰ ਪੱਧਰ ਤੇ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਮਾਤ ਭਾਸ਼ਾ ਵਿੱਚ ਹਾਸਲ ਕੀਤੀ ਵਿਦਿਆ ਦੇ ਜ਼ਿਆਦਾ ਚੰਗੇ ਨਤੀਜੇ ਹਾਸਲ ਹੋ ਰਹੇ ਹਨ।
ਵਿਭਾਗ ਦੇ ਅਧਿਆਪਕ ਡਾ. ਹਰਚਰਨ ਸਿੰਘ ਨੇ ਪ੍ਰੋ. ਮਹਿਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜਿਥੇ ਦੇਸ਼ ਅੰਦਰ ਚੱਲੀ ਅਧਿਆਪਕ ਲਹਿਰ ਵਿਚ ਇਕ ਦੂਰਦਰਸ਼ੀ ਆਗੂ ਵਜੋਂ ਰੋਲ ਨਿਭਾਇਆ ਹੈ, ਉਥੇ ਇੱਕ ਚਿੰਤਕ ਵਜੋਂ ਸਿੱਖਿਆ ਅਤੇ ਭਾਸ਼ਾਵਾਂ ਦੇ ਸਵਾਲਾਂ ਨੂੰ ਵਡੇਰੇ ਸਮਾਜਕ, ਆਰਥਿਕ ਤੇ ਸਭਿਆਚਾਰਕ ਪ੍ਰਸੰਗ ਵਿਚ ਸਮਝਣ ਤੇ ਪੇਸ਼ ਕਰਨ ਦਾ ਨਿਰੰਤਰ ਯਤਨ ਕੀਤਾ ਹੈ।
ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕ ਡਾ. ਰਸ਼ਪਾਲ ਸਿੰਘ ਨੇ ਇਸ ਅਵਸਰ ਤੇ ਬੋਲਦਿਆਂ ਕਿਹਾ ਕਿ ਸਾਨੂੰ ਉਰਦੂ, ਫਾਰਸੀ ਤੇ ਹੋਰ ਭਾਸ਼ਾਵਾਂ ਦੇ ਸਰੋਤਾਂ ਤੋਂ ਆਈ ਸ਼ਬਦਾਵਲੀ ਵਰਤਣੀ ਬੰਦ ਨਹੀਂ ਕਰਨੀ ਚਾਹੀਦਾ, ਨਹੀਂ ਤਾਂ ਸਾਡੀ ਭਾਸ਼ਾ ਦੀ ਸਮਰੱਥਾ ਘੱਟ ਜਾਵੇਗੀ।
ਇਸ਼ਨੂਰ ਘੁੰਮਣ, ਨਵੀਨ ਬਾਂਸਲ, ਹਰਮਨਜੀਤ, ਹਰਸਿਮਰਨ ਸਿੰਘ, ਪ੍ਰੋ. ਗੁਰਜੰਟ ਸਿੰਘ ਅਤੇ ਪ੍ਰੋ. ਹਰਵਿੰਦਰ ਸਿੰਘ ਨੇ ਵੀ ਵਿਚਾਰਚਰਚਾ ਵਿਚ ਸ਼ਿਰਕਤ ਕੀਤੀ।
ਡਾ. ਗੁਰਦੀਪ ਸਿੰਘ ਨੇ ਵਿਦਵਾਨ ਵਕਤਾ, ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਬਲਵੀਰ ਸਿੰਘ ਨੇ ਦਿਲਚਸਪ ਕਾਵਿਕਅੰਦਾਜ਼ ਵਿਚ ਮੰਚ ਸੰਚਾਲਨ ਕੀਤਾ।